
ਮਾਲੇਰਕੋਟਲਾ 21 ਮਾਰਚ (ਕਿੰਮੀ ਅਰੋੜਾ, ਅਸਲਮ ਨਾਜ਼) ਮਾਲੇਰਕੋਟਲਾ ਅਬਰੌਡ ਕਨਸਲਟੈਂਟਸ ਐਸੋਸੀਏਸ਼ਨ (ਮਾਕਾ) ਵੱਲੋਂ ਮਾਲੇਰਕੋਟਲਾ ਕਲੱਬ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿੱਚ ਸ਼ਹਿਰ ਦੇ ਸਾਰੇ ਪੱਤਰਕਾਰਾਂ ਦੇ ਨਾਲ ਨਾਲ ਮਾਕਾ ਐਸੋਸੀਏਸ਼ਨ ਦੇ ਸਾਰੇ ਮੈਂਬਰ ਸ਼ਾਮਿਲ ਹੋਏ। ਇਸ ਕਾਨਫਰੰਸ ਵਿਚ ਮਾਕਾ ਦੇ ਪ੍ਰਧਾਨ ਸ਼੍ਰੀ ਅਚਿੰਤ ਗੋਇਲ ਜੀ ਨੇ ਇੰਮੀਗ੍ਰੇਸ਼ਨ ਸੰਸਥਾਵਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਉਣ ਦੇ ਨਾਲ ਨਾਲ ਪੰਜਾਬ ਪ੍ਰਦੇਸ਼ ਵਿਚ ਚੱਲ ਰਹੀਆਂ ਕੁੱਝ ਨਾਮਵਰ ਕਿਸਾਨ ਜਥੇਬੰਦੀਆਂ ਦੇ ਨਾਮ ਉੱਤੇ ਕੁੱਝ ਕੂ ਬੰਦਿਆਂ ਵੱਲੋਂ ਇੰਮੀਗ੍ਰੇਸ਼ਨ ਸੈਂਟਰਾਂ ਨੂੰ ਧਮਕਾਉਣ ਵਾਲੀਆਂ ਰੋਜ਼ ਦੀਆਂ ਘਟਨਾਵਾਂ ਉੱਪਰ ਚਾਨਣਾ ਵੀ ਪਾਇਆ। ਸ਼੍ਰੀ ਅਚਿੰਤ ਗੋਇਲ ਜੀ ਨੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕੇ ਅਜਿਹੇ ਅਨਸਰ ਜੋ ਜਥੇਬੰਦੀ ਦਾ ਨਾਮ ਖਰਾਬ ਕਰਦੇ ਹੋਏ ਖੁਦ ਨੂੰ ਹੀ ਮੁੱਖ ਆਗੂ ਸਮਝਦੇ ਹਨ ਅਤੇ ਸਮਾਜ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਵਿਚਰ ਰਹੇ ਹਨ ਉਹਨਾਂ ਉੱਪਰ ਕਾਬੂ ਪਾਇਆ ਜਾਵੇ ਅਤੇ ਅਗਰ ਸਾਡੇ ਕਿਸੇ ਇੰਮੀਗ੍ਰੇਸ਼ਨ ਏਜੰਟ ਵਗੈਰਾ ਦੀ ਕੋਈ ਗ਼ਲਤੀ ਪਾਈ ਜਾਂਦੀ ਹੈ ਤਾਂ ਉਸ ਉੱਪਰ ਬਣਦੀ ਕਾਰਵਾਈ ਪ੍ਰਸ਼ਾਸ਼ਨ ਤੋਂ ਕਰਵਾਈ ਜਾਵੇ।
ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਾਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਮੁੰਹਮਦ ਸਲੀਮ ਅਖ਼ਤਰ ਜੀ ਨੇ ਕਿਹਾ ਕੇ ਅਸੀਂ ਇੱਕ ਇੱਕ ਇੰਸਟੀਚਿਊਟ ਵਿੱਚ ਦਸ ਦਸ ਲੋਕਾਂ ਨੂੰ ਰੋਜ਼ਗਾਰ ਦੇ ਰੱਖਿਆ ਹੈ ਅਤੇ ਬੱਚਿਆਂ ਦੇ ਵਧੀਆ ਭਵਿੱਖ ਨੂੰ ਦੇਖਦੇ ਹੋਏ ਉਹਨਾਂ ਨੂੰ ਵਿਦੇਸ਼ ਵਿੱਚ ਜਾ ਕੇ ਸੈੱਟ ਹੋਣ ਦੇ ਤਰੀਕਿਆਂ ਦੀ ਜਾਣਕਾਰੀ ਪ੍ਰਦਾਨ ਕਰਦੇ ਹਾਂ ਅਤੇ ਅਜਿਹਾ ਕਰਨ ਲਈ ਸਾਨੂੰ ਪੰਜਾਬ ਸਰਕਾਰ ਵੱਲੋਂ ਲਾਇਸੰਸ ਮਿਲੇ ਹੋਏ ਹਨ ਫਿਰ ਸਾਡੇ ਕੰਮ ਵਿੱਚ ਕਿਸੇ ਜਥੇਬੰਦੀ ਦੀ ਗ਼ੈਰ ਕਾਨੂੰਨੀ ਅਤੇ ਗੈਰ ਜਰੂਰੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮਾਕਾ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ਼੍ਰੀ ਰਾਜੇਸ਼ ਕੁਮਾਰ ਸ਼ਾਰਦਾ ਜੀ ਨੇ ਉਹਨਾਂ ਨਾਲ ਹੋਈ ਇੱਕ ਤਾਜ਼ਾ ਘਟਨਾ ਦੀ ਜਾਣਕਾਰੀ ਵੀ ਪ੍ਰੈੱਸ ਨਾਲ ਸਾਂਝੀ ਕੀਤੀ। ਸ਼੍ਰੀ ਸ਼ਾਰਦਾ ਜੀ ਨੇ ਦੱਸਿਆ ਕੇ ਉਹਨਾਂ ਨੂੰ ਫੋਨ ਉੱਪਰ ਅਤੇ ਇੱਕ ਵਾਰ ਉਹਨਾਂ ਦੇ ਦਫਤਰ ਆ ਕੇ ਵੀ ਖੁਦ ਨੂੰ ਇੱਕ ਨਾਮਵਰ ਕਿਸਾਨ ਜਥੇਬੰਦੀ ਦਾ ਪ੍ਰਧਾਨ ਦੱਸਦੇ ਹੋਏ ਇੱਕ ਵਿਅਕਤੀ ਨੇ ਉਹਨਾਂ ਦੀ ਸੰਸਥਾ ਨੂੰ ਬੰਦ ਕਰਵਾਉਣ ਤੱਕ ਦੀ ਧਮਕੀ ਦਿੱਤੀ। ਸ਼ਾਰਦਾ ਜੀ ਨੇ ਕਿਹਾ ਕੇ ਮਾਕਾ ਐਸੋਸੀਏਸ਼ਨ ਵੱਲੋਂ ਹਰ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਜਾਂਦਾ ਹੈ ਪਰ ਜਦੋਂ ਕੁੱਝ ਜਥੇਬੰਦੀਆਂ ਦੇ ਆਗੂ ਅਪਣਾ ਹੀ ਨਾਮ ਖਰਾਬ ਕਰਨ ਵਾਲਿਆਂ ਪ੍ਰਤੀ ਕਾਰਵਾਈ ਨਹੀਂ ਕਰਦੇ ਤਾਂ ਅਫ਼ਸੋਸ ਹੁੰਦਾ ਹੈ।