ਮਲੋਟ,28 ਮਾਰਚ (ਗਿਆਨ ਸਾਹਨੀ)-ਸਿਵਲ ਸਰਜਨ ਡਾ.ਨਵਜੋਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਪ੍ਰਵਜੀਤ ਸਿੰਘ ਗੁਲਾਟੀ ਐਸਐਮਓ ਲੰਬੀ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਇਮਾਨਪ੍ਰੀਤ ਸੀਐਚਸੀ ਨੇ ਕਿਹਾ ਕਿ 60 ਪ੍ਰਤੀਸ਼ਤ ਤੋਂ ਜ਼ਿਆਦਾ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਕੈਂਸਰ, ਬਲੱਡ ਪਰੈਸ਼ਰ, ਸਟਰੋਕ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਇਸ ਮੌਕੇ ਗੁਰਜੀਤ ਕੌਰ ਸੀਐਚਓ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚੋਂ 36 ਪ੍ਰਤੀਸ਼ਤ ਲੋਕ ਬਲੱਡ ਪਰੈਸ਼ਰ ਦੀ ਬਿਮਾਰੀ ਤੋਂ ਪੀੜਤ ਹਨ। ਬਲੱਡ ਪਰੈਸ਼ਰ ਦਿਲ ਦੀ ਇੱਕ ਖਾਸ ਬਿਮਾਰੀ ਹੈ। ਇਸ ਨੂੰ ਸਾਈਲੈਂਟ ਕਿਲਰ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਗੁਰਜੀਤ ਸਿੰਘ ਸੀਐਚਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨਸੀਡੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਾਰੀਆਂ ਸਿਹਤ ਸੰਸਥਾਵਾਂ ਵਿੱਚ 30 ਸਾਲ ਤੋਂ ਉੱਪਰ ਦੇ ਲੋਕਾਂ ਦਾ ਮੁਫ਼ਤ ਚੈਕਅਪ ਅਤੇ ਇਲਾਜ ਕੀਤਾ ਜਾਂਦਾ ਹੈ। ਜਿਸ ਅਧੀਨ ਸ਼ੂਗਰ, ਹਾਈ ਬਲੱਡ ਪਰੈਸ਼ਰ, ਕੈਂਸਰ, ਸਟਰੋਕ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਲੱਡ ਪਰੈਸ਼ਰ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣਾ, ਦਿਮਾਗ ਦੀ ਨਾੜੀ ਦਾ ਫਟਣਾ, ਦਿਲ ਦਾ ਫੇਲ੍ਹ ਹੋਣਾ, ਗੁਰਦੇ ਦਾ ਖ਼ਰਾਬ ਹੋਣਾ, ਸ਼ੂਗਰ ਦੀ ਬਿਮਾਰੀ, ਅੱਖਾਂ ਦੀ ਰੌਸ਼ਨੀ ਦਾ ਖ਼ਤਮ ਹੋਣਾ, ਮਾਨਸਿਕ ਤਣਾਓ ਤੇ ਚਿੰਤਾ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਲੋਕ ਸ਼ਰਾਬ ਅਤੇ ਤੰਬਾਕੂ ਪਦਾਰਥਾਂ, ਫੈਟ ਵਾਲੀਆਂ, ਤਲੀਆਂ, ਫਾਸਟ ਫੂਡ, ਮਸਾਲੇਦਾਰ ਚੀਜ਼ਾਂ, ਸੋਫਟ ਅਤੇ ਹਾਰਡ ਡਰਿੰਕ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ਕਰਨ ਨਾਲ ਅਤੇ ਸਰੀਰਕ ਕੰਮ ਨਾ ਕਰਨ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਇਸ ਮੌਕੇ ਪ੍ਰਿਤਪਾਲ ਸਿੰਘ ਤੂਰ ਨੇ ਕਿਹਾ ਸਾਨੂੰ ਅਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸੰਤੁਲਿਤ ਭੋਜਨ, ਹਰੇ ਪੱਤੇਦਾਰ ਸਬਜ਼ੀਆਂ, ਫਲਾਂ ਦੀ ਵਰਤੋਂ ਅਤੇ ਆਪਣੇ ਭਾਰ ਨੂੰ ਕੰਟਰੋਲ ਕਰਨਾ, ਲੂਣ ਅਤੇ ਖੰਡ ਦੀ ਮਾਤਰਾ ਘੱਟ ਲੈਣੀ ਚਾਹੀਦੀ ਹੈ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਓ ਨੂੰ ਘਟਾਓ ਅਤੇ ਅੱਜ ਦੀ ਜ਼ਿੰਦਗੀ ਵਿੱਚ ਮਾਨਸਿਕ ਤਣਾਓ ਨੂੰ ਘਟਾਉਣ ਲਈ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਮਾਂ ਬਿਤਾਉ ਅਤੇ ਛੋਟੀਆਂ- ਛੋਟੀਆਂ ਖੇਡਾਂ ਖੇਡੋ, ਰੋਜ਼ਾਨਾ 30 ਮਿੰਟ ਕਸਰਤ ਅਤੇ ਸ਼ੈਰ ਕਰੋ, ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼ ਕਰੋ। ਹਾਈ ਬਲੱਡ ਪਰੈਸ਼ਰ ਨਾਲ ਅੱਖਾਂ ਤੇ ਵੀ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ। ਇਸ ਮੌਕੇ ਸਟਾਫ ਨਰਸ, ਫਾਰਮੇਸੀ ਅਫਸਰ, ਬੀਐਸਐਮ, ਕੰਪਿਊਟਰ ਅਪਰੇਟਰ ਅਤੇ ਆਸ਼ਾ ਫੈਲੀਲੀਟੇਟਰ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ।